(Non spoiler)
ਬਹੁਤ ਹੀ ਦਰਦਨਾਕ ਤੇ ਝੰਜੋੜਨ ਵਾਲ਼ਾ ਨਾਵਲ ।ਇਹ ਨਾਵਲ ਪੁਰਾਣੇ ਪੰਜਾਬ ਵਿੱਚ ਔਰਤਾਂ ਦੀ ਬੇਹੱਦ ਤਰਸਯੋਗ ਹਾਲਤ ਨੂੰ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਔਰਤਾਂ ਨੂੰ ਕੁਝ ਪੈਸਿਆਂ ਬਦਲੇ ਵੇਚ ਦਿੱਤਾ ਜਾਂਦਾ ਸੀ ਅਤੇ ਉਹਨਾਂ ਨਾਲ ਸਿਰਫ਼ ਇਕ ਵਸਤੂ ਦੀ ਤਰ੍ਹਾਂ ਸਲੂਕ ਕੀਤਾ ਜਾਂਦਾ ਸੀ। ਇਕ ਔਰਤ ਨੂੰ ਆਪਣੇ ਜੀਵਨ ਦੀਆਂ ਮਜਬੂਰੀਆਂ ਕਾਰਨ ਕੀ ਕੀ ਸਹਿਣ ਕਰਨਾ ਪੈਂਦਾ ਹੈ, ਇਹ ਦਲੀਪ ਕੌਰ ਟਿਵਾਣਾ ਜੀ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਪੇਸ਼ ਕੀਤਾ ਹੈ । ਨਾਵਲ ਪਾਠਕ ਨੂੰ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਸਥਿਤੀ ਵਿੱਚ ਰੱਖਕੇ ਸੋਚਣ ਤੇ ਮਜਬੂਰ ਕਰਦਾ ਹੈ ਤੇ ਪਾਠਕ ਦਾ ਦਿਲ ਨਾਵਲ ਪੜ੍ਹਦੇ ਪੜ੍ਹਦੇ ਓਦਰਿਆ ਜਾਂਦਾ ਹੈ। ਨਾਵਲਕਾਰ ਨੇ ਪਿੰਡ ਦੇ ਮਾਹੌਲ, ਪੁਰਾਣੇ ਸਮੇਂ ਦੇ ਲੋਕਾਂ ਦੇ ਵਿਸ਼ਵਾਸਾਂ, ਲੋਕਾਂ ਦੀ ਬੋਲਚਾਲ ਤੇ ਰਹਿਣ ਸਹਿਣ ਨੂੰ ਬੇਹੱਦ ਚੰਗੇ ਤਰੀਕੇ ਨਾਲ ਚਿਤਰਿਆ ਹੈ। ਹਰੇਕ ਵਿਅਕਤੀ ਨੂੰ ਇਹ ਨਾਵਲ ਜਰੂਰ ਪੜ੍ਹਨਾ ਚਾਹੀਦਾ ਹੈ। ਨਾਵਲ ਨੂੰ ਪੜ੍ਹਕੇ ਇਸਦਾ ਨਾਮ 'ਏਹੁ ਹਮਾਰਾ ਜੀਵਣਾ' ਵੀ ਪੂਰੀ ਤਰ੍ਹਾਂ ਸਾਰਥਕ ਸਿੱਧ ਹੁੰਦਾ ਹੈ। ਇਕ ਔਰਤ ਜਿਸਦਾ ਨਾਮ 'ਭਾਨੋ' ਹੈ, ਨਾਵਲ ਦੇ ਅਖੀਰ ਵਿੱਚ ਉਸਦੀ ਦਰਦਨਾਕ ਅਤੇ ਦਇਆਮਈ ਸਥਿਤੀ ਤੇ ਪਾਠਕ ਨੂੰ ਬਹੁਤ ਤਰਸ ਆਉਂਦਾ ਹੈ। ਕਿਸ ਤਰ੍ਹਾਂ ਜ਼ਿੰਦਗੀ ਦੀਆਂ ਮਜਬੂਰੀਆਂ ਬੰਦੇ ਨੂੰ ਖੂੰਜੇ ਲਾ ਛੱਡਦੀਆਂ ਨੇ ਤੇ ਉਸ ਸਮੇਂ ਵਿਅਕਤੀ ਆਪਣੇ ਆਪ ਨੂੰ ਜਕੜਿਆ ਹੋਇਆ ਮਹਿਸੂਸ ਕਰਦਾ ਹੈ, ਅਸੀਂ ਇਸ ਨਾਵਲ ਵਿੱਚ ਦੇਖਦੇ ਹਾਂ। ਇਕ ਵਿਧਵਾ ਔਰਤ ਇਕ ਤਰ੍ਹਾਂ ਜਦੋਂ ਕਿਸੇ ਪਾਸੇ ਦੀ ਨਹੀਂ ਰਹਿੰਦੀ ਤਾਂ ਮਾੜੀ ਸੋਚ ਦੇ ਲੋਕ ਵੀ ਕਿਸ ਤਰ੍ਹਾਂ ਉਸਦਾ ਫ਼ਾਇਦਾ ਉਠਾਉਣਾ ਲੋਚਦੇ ਹਨ। ਸਮਾਜ ਕਿਵੇਂ ਕਿਸੇ ਔਰਤ ਬਾਰੇ ਬਿਨ੍ਹਾਂ ਪੂਰੀ ਤਰ੍ਹਾਂ ਜਾਣਿਆਂ ਹੀ ਉਸ ਬਾਰੇ ਆਪਣੇ ਮਨ ਵਿਚ ਗ਼ਲਤ ਵਿਚਾਰ ਬਣਾ ਲੈਂਦਾ ਹੈ ਤੇ ਅੰਦਰੋਂ ਹੀ ਅੰਦਰੋਂ ਉਸ ਨਾਲ਼ ਘ੍ਰਿਣਾ ਕਰਦਾ ਹੈ, ਇਹ ਵੀ ਅਸੀਂ ਨਾਵਲ ਵਿੱਚ ਦੇਖਦੇ ਹਾਂ। ਨਾਵਲਕਾਰ ਨੇ ਪੂਰੀ ਪੇਂਡੂ ਅਤੇ ਸਰਲ ਪੰਜਾਬੀ ਦੀ ਵਰਤੋਂ ਕੀਤੀ ਹੈ ਜਿਸ ਨਾਲ ਪਾਠਕ ਚੰਗੀ ਤਰਾਂ ਨਾਵਲ ਵਿਚਲੀ ਕਹਾਣੀ ਨਾਲ ਜੁੜਦਾ ਹੈ। ਨਾਵਲ ਪੜ੍ਹਨ ਤੋਂ ਬਾਅਦ ਪਾਠਕ ਆਪਣੇ ਸਮਾਜ ਵਿੱਚ ਅਜਿਹੀਆਂ ਸਥਿਤੀਆਂ ਵਿਚਲੀਆਂ ਔਰਤਾਂ ਬਾਰੇ ਜਰੂਰ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਕੁੱਲ ਮਿਲਾ ਕੇ 'ਏਹੁ ਹਮਾਰਾ ਜੀਵਣਾ' ਇਕ ਬਹੁਤ ਹੀ ਵਧੀਆ ਢੰਗ ਨਾਲ ਲਿਖਿਆ,ਸਮਾਜ ਦੀ ਸੱਚਾਈ ਦਰਸਾਉਂਦਾ, ਸਿੱਖਿਆਦਾਇਕ ਤੇ ਅੱਖਾਂ ਖੋਲ੍ਹਣ ਵਾਲਾ ਨਾਵਲ ਹੈ।